ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ ਇੱਕਜੁੱਟ ਹੋ ਕੇ ਚੁੱਕੀ ਸਹੁੰ
ਵਿਜੀਲੈਂਸ ਬਿਊਰੋ ਵੱਲੋਂ ਦਿਆਨਤਦਾਈ ਨਾਲ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫ਼ਤਾ ਚੰਡੀਗੜ੍ਹ, 27 ਅਕਤੂਬਰ, 2025 (ਫਤਿਹ ਪੰਜਾਬ ਬਿਊਰੋ) – ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਸ਼ੁਰੂ ਕੀਤੀ ਪਹਿਲਕਦਮੀ ਦੇ ਹਿੱਸੇ ਵਜੋਂ, ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੀ 27 ਅਕਤੂਬਰ ਤੋਂ 2 ਨਵੰਬਰ, 2025 ਤੱਕ ਸੂਬੇ ਭਰ ਵਿੱਚ ਸਾਲਾਨਾ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾਵੇਗਾ। ਇਸ ਹਫ਼ਤੇ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਮਨਾਉਣ ਲਈ, ਵਿਜੀਲੈਂਸ ਬਿਊਰੋ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੇ ਅੱਜ ਵਿਜੀਲੈਂਸ ਬਿਊਰੋ ਹੈੱਡਕੁਆਰਟਰ ਮੋਹਾਲੀ ਵਿਖੇ ਕਰਵਾਏ ਸਮਾਗਮ ਦੌਰਾਨ ਭ੍ਰਿਸ਼ਟਾਚਾਰ ਵਿਰੁੱਧ ਇੱਕਜੁੱਟ ਹੋਣ ਦੀ ਸਹੁੰ ਚੁੱਕੀ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਸਹੁੰ ਜਾਇੰਟ ਡਾਇਰੈਕਟਰ ਸ਼ਿਕਾਇਤ ਸ਼ਾਖਾ, ਪ੍ਰਭਜੋਤ ਕੌਰ ਵੱਲੋਂ ਸਪੈਸ਼ਲ ਡੀਜੀਪੀ-ਕਮ-ਚੀਫ਼ ਡਾਇਰੈਕਟਰ ਪ੍ਰਵੀਨ ਕੁਮਾਰ ਸਿਨਹਾ, ਤੁਸ਼ਾਰ ਗੁਪਤਾ ਅਤੇ ਡਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼, (ਦੋਵੇਂ ਜੁਆਇੰਟ ਡਾਇਰੈਕਟਰ) ਅਤੇ ਹਰਪ੍ਰੀਤ ਸਿੰਘ ਏ.ਆਈ.ਜੀ., ਆਰਥਿਕ ਅਪਰਾਧ ਵਿੰਗ ਦੀ ਮੌਜੂਦਗੀ ਵਿੱਚ ਚੁਕਾਈ ਗਈ।